ਮਿੱਟੀ ਪਰਖ ਰਿਪੋਰਟ ਬਾਰੇ ਜਾਣਕਾਰੀ
ਆਪਣੀ ਜ਼ਮੀਨ ਦੀ ਉਪਜਾਊ ਸ਼ਕਤੀ ਜਾਨਣ ਲਈ ਮਿੱਟੀ ਦੀ ਪਰਖ਼ ਕਰਵਾਉਣਾ ਅਤੀ ਜ਼ਰੂਰੀ ਹੈ। ਮਿੱਟੀ ਦੇ ਨਮੂਨੇ ਵਿੱਚ ਜੋ ਵਿਸ਼ੇਸਤਾਈਆਂ ਪਰਖੀਆਂ ਜਾਂਦੀਆਂ ਹਨ, ਉਨ੍ਹਾਂ ਬਾਰੇ ਸੰਖੇਪ ਜਾਣਕਾਰੀ ਹੇਠਾਂ ਦਿੱਤੀ ਗਈ ਹੈ:
- ਜ਼ਮੀਨ ਦੀ ਕਿਸਮ: ਇਸ ਗੱਲ ਦਾ ਇਸ਼ਾਰਾ ਹੈ ਕਿ ਮਿੱਟੀ ਦੇ ਜ਼ਰਿਆਂ ਦੀ ਮੋਟਾਈ ਕਿੰਨੀ ਹੈ। ਰੇਤ, ਭੱਲ ਅਤੇ ਚੀਕਣਾ ਮਾਦਾ ਆਦਿ ਉੱਤੇ ਨਿਰਭਰ ਮਿੱਟੀ ਰੇਤਲੀ, ਰੇਤਲੀ ਚੀਕਣੀ ਜਾਂ ਭੱਲ ਵਾਲੀ ਹੋ ਸਕਦੀ ਹੈ। ਜ਼ਮੀਨ ਦੀ ਕਿਸਮ ਤੋਂ ਉਸ ਦੀ ਕੁਦਰਤੀ ਉਪਜਾਊ ਸ਼ਕਤੀ ਅਤੇ ਪਾਣੀ ਦੀ ਲੋੜ ਦਾ ਪਤਾ ਲੱਗਦਾ ਹੈ।
- ਖ਼ਾਰੀ ਅੰਗ: ਮਿੱਟੀ ਦੇ ਤੇਜ਼ਾਬੀ ਜਾਂ ਖ਼ਾਰੇਪਣ ਦੇ ਮਾਦੇ ਨੂੰ ਦੱਸਦਾ ਹੈ। ਬਹੁਤੀਆਂ ਫ਼ਸਲਾਂ ਲਈ ਖ਼ਾਰੀ ਅੰਗ 6.5 ਤੋਂ 8.7 ਹੋਣਾ ਚਾਹੀਦਾ ਹੈ। ਜੇ ਇਹ ਇਕਾਈ ਵੱਧ ਹੋਵੇ ਤਾਂ ਖ਼ਾਰਾਪਣ ਵੱਧਦਾ ਹੈ ਅਤੇ ਜ਼ਮੀਨ ਦੇ ਸੁਧਾਰ ਲਈ ਜੀਵਕ ਖਾਦਾਂ (ਹਰੀ ਖਾਦ, ਰੂੜੀ) ਜਾਂ ਜਿਪਸਮ ਪਾਉਣ ਦੀ ਲੋੜ ਹੈ।
- ਨਮਕੀਨ ਪਦਾਰਥ: ਇਸ ਗੱਲ ਦਾ ਇਸ਼ਾਰਾ ਹੈ ਕਿ ਮਿੱਟੀ ਵਿੱਚ ਨਮਕੀਨ ਪਦਾਰਥ ਕਿੰਨੇ ਕੁ ਹਨ ਜਾਂ ਚਿੱਟੇ ਕੱਲਰ ਦੀ ਸਥਿਤੀ ਕੀ ਹੈ।
- ਜੀਵਕ ਕਾਰਬਨ: ਇਹ ਗੱਲ ਦੱਸਦੀ ਹੈ ਕਿ ਮਿੱਟੀ ਵਿੱਚ ਪੌਦਿਆਂ ਨੂੰ ਨਾਈਟਰੋਜਨ ਜਾਂ ਹੋਰ ਖੁਰਾਕ ਕਿੰਨੀ ਮਿਲ ਸਕਦੀ ਹੈ। ਇਸ ਮਾਦੇ ਨੂੰ ਬਰਕਰਾਰ ਰੱਖਣ ਲਈ ਖੇਤ ਵਿੱਚ ਅਕਸਰ ਰੂੜੀ ਦੀ ਖਾਦ, ਕੰਪੋਸਟ ਜਾਂ ਹਰੀ ਖਾਦ ਪਾਉਂਦੇ ਰਹਿਣਾ ਚਾਹੀਦਾ ਹੈ।
- ਫ਼ਾਸਫੋਰਸ ਅਤੇ ਪੋਟਾਸ਼: ਇਹ ਤੱਤਾਂ ਦੀ ਫ਼ਸਲ ਨੂੰ ਮਿਲਣ ਯੋਗ ਮਾਤਰਾ ਦੱਸਦੇ ਹਨ ਤਾਂ ਕਿ ਫ਼ਸਲ ਨੂੰ ਲੋੜ ਅਨੁਸਾਰ ਹੋਰ ਕਿੰਨੀ ਖਾਦ ਪਾਉਣੀ ਹੈ, ਉਸ ਦਾ ਪਤਾ ਲੱਗ ਸਕੇ।
ਘਾਟ ਦੀ ਸੰਭਾਵਨਾ ਵਾਲੀਆਂ ਹਾਲਤਾਂ (ਲਘੂ ਤੱਤ)
- ਜਿੰਕ: ਰੇਤਲੀਆਂ, ਕਠਰਾਲੀਆਂ, ਘੱਟ ਜੀਵਕ ਕਾਰਬਨ ਵਾਲੀਆਂ, ਜ਼ਿਆਦਾ ਚੂਨੇ ਵਾਲੀਆਂ, ਰੋੜਾਂ ਵਾਲੀਆਂ, ਬੇਟ ਵਾਲੀਆਂ ਅਤੇ ਜ਼ਿਆਦਾ ਫਾਸਫੋਰਸ ਤੱਤ ਵਾਲੀਆਂ ਜ਼ਮੀਨਾਂ ਵਿੱਚ ਇਸ ਤੱਤ ਦੀ ਘਾਟ ਹੋਣ ਦੀ ਜ਼ਿਆਦਾ ਸੰਭਾਵਨਾ ਹੁੰਦੀ ਹੈ। ਝੋਨਾ, ਮੱਕੀ, ਕਣਕ ਅਤੇ ਨਰਮਾ ਵਰਗੀਆਂ ਫਸਲਾਂ ਇਸ ਦੀ ਘਾਟ ਨੂੰ ਬਹੁਤ ਮੰਨਦੀਆਂ ਹਨ।
- ਲੋਹਾ: ਇਸ ਤੱਤ ਦੀ ਘਾਟ ਰੇਤਲੀਆਂ, ਘੱਟ ਜੀਵਕ ਕਾਰਬਨ ਵਾਲੀਆਂ, ਜ਼ਿਆਦਾ ਚੂਨੇ ਵਾਲੀਆਂ ਅਤੇ ਕਠਰਾਲੀਆਂ ਜ਼ਮੀਨਾਂ ‘ਚ ਆ ਸਕਦੀ ਹੈ। ਝੋਨਾ ਅਤੇ ਕਮਾਦ ਦੀਆਂ ਫਸਲਾਂ ਇਸ ਦੀ ਘਾਟ ਦਾ ਆਮ ਸ਼ਿਕਾਰ ਹੋ ਜਾਂਦੀਆਂ ਹਨ।
- ਮੈਂਗਨੀਜ: ਰੇਤਲੀਆਂ ਜ਼ਮੀਨਾਂ, ਜਿਨ੍ਹਾਂ ਵਿੱਚ ਝੋਨਾ-ਕਣਕ ਦਾ ਫਸਲੀ ਚੱਕਰ 6-7 ਸਾਲ ਤੋਂ ਲਗਾਤਾਰ ਚਲਦਾ ਹੋਵੇ, ਉਨ੍ਹਾਂ ਵਿੱਚ ਝੋਨੇ ਤੋਂ ਬਾਅਦ ਹਾੜ੍ਹੀ ਦੀਆਂ ਫਸਲਾਂ ਜਿਵੇਂ ਕਣਕ, ਜੌਂ, ਜਵੀ ਅਤੇ ਬਰਸੀਮ ਵਿੱਚ ਇਸ ਤੱਤ ਦੀ ਘਾਟ ਆਮ ਆ ਜਾਂਦੀ ਹੈ।